|
pMjfb ivwc nisLaF df vwDdf ruJfn
ਕੋਈ ਸਮਾਂ ਸੀ ਕਿ ਸ਼ਰਾਬ, ਅਫੀਮ, ਤੰਮਾਕੂ ਤੇ ਭੰਗ ਵਰਗੇ ਦੇਸੀ ਨਸ਼ੇ ਚਲਦੇ ਸਨ। ਇਹ ਵੀ ਲੋਕ ਚੋਰੀ-ਛੁੂਪੇ ਕਿਸ ਮੁਸੀਬਤ ਦੇ ਮਾਰੇ ਹੀ ਕਰਦੇ ਸਨ ਤੇ ਇਨ੍ਹਾਂ ਦੀ ਗਿਣਤੀ ਸਮਾਜ ਵਿਚ ਆਟੇ ਲੂਣ ਦੇ ਬਰਾਬਰ ਸੀ। ਇਹ ਨਸ਼ੇ ਵਡੇਰੀ ਉਮਰ ਦੇ ਬੰਦੇ ਹੀ ਕਰਦੇ ਸਨ ਜਿਨ੍ਹਾਂ ਨੇ ਜ਼ਿੰਦਗੀ ਖਾ-ਹੰਢਾ ਲਈ ਸੀ। ਅੱਜ ਤਾਂ ਨਸ਼ਿਆਂ ਦੀ ਗਿਣਤੀ ਏਨੀ ਵੱਧ ਗਈ ਹੈ ਤੇ ਇਹ ਏਨੇ ਖਤਰਨਾਕ ਤੇ ਮਹਿੰਗੇ ਹਨ ਕਿ ਸਿੱਧੀ ਜ਼ਿੰਦਗੀ ਦੀ ਬਰਬਾਦੀ ਹੈ। ਇਨ੍ਹਾਂ ਦਾ ਰੁਝਾਨ ਨੌਜਵਾਨ ਪੀੜ੍ਹੀ ਵਿਚ ਵਧਿਆ ਹੈ। ਨਸ਼ਿਆਂ ਦੇ ਵਧੇ ਰੁਝਾਨ ਦੇ ਅੰਕੜੇ ਵੇਖ ਕੇ ਦਿਲ ਦਹਿਲ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੋ ਕੀ ਗਿਆ ਹੈ? ਇਹ ਘੋੜੀਆਂ, ਸੁਲਤਾਨਾਂ ਤੇ ਮਹੀਆਂ ਘਰ ਵਰਿਆਮਾਂ ਵਾਲੇ ਸੂਬੇ ਵਿਚ ਦੁੱਧ-ਘਿਓ ਦੀਆਂ ਖੁਰਾਕਾਂ ਖਾਣ ਵਾਲੇ ਲੋਕਾਂ ਦੇ ਕਲਿਹਿਣੇ ਸ਼ੌਕ ਕਿਉਂ ਪਾਲ ਲਏ ਹਨ? ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਤੋਂ ਬਾਅਦ ਅੰਗਰੇਜ਼ ਹਕੂਮਤ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ 1873 ਵਿਚ ਅੰਗਰੇਜ਼ ਨੇ ਆਬਕਾਰੀ ਮਹਿਕਮਾ ਚਾਲੂ ਕੀਤਾ ਸੀ। ਇਹ ਮਹਿਕਮੇ ਦੇ ਮੁਖੀ ਨੇ ਇਹ ਗਿਲ੍ਹਾ ਕੀਤਾ ਸੀ ਕਿ ਪੰਜਾਬੀ ਹੋਰ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਸ਼ਰਾਬ ਪੀਂਦੇ ਹਨ। ਉਸ ਨਾਲ ਸ਼ਰਾਬ ਦੇ ਠੇਕਿਆਂ ਤੋਂ 10 ਲੱਖ ਰੁਪਏ ਦੀ ਆਮਦਨ ਹੋਈ ਸੀ ਤੇ ਉਹ ਵੀ ਛਾਉਣੀਆਂ ਦੇ ਨੇੜਲਿਆਂ ਠੇਕਿਆਂ ਤੋਂ। ਅੰਗੇਰਜ਼ ਚਾਹੁੰਦਾ ਸੀ ਕਿ ਸਿੱਖਾਂ ਦਾ ਅਸੰਤੂਸ਼ਟ ਵਰਗ ਹਥਿਆਰ ਛੱਡ ਕੇ ਹੱਲ ਤੇ ਕਹੀ ਵੱਲ ਪਰਤ ਪਵੇ ਤੇ ਸਿੱਖ ਰਾਜ ਦੇ ਖੁੱਸਣ ਦਾ ਦੁੱਖ ਭੁੱਲ ਜਾਵੇ। ਇਸੇ ਉਦੇਸ਼ ਨਾਲ 1882 ਵਿਚ ਲਹਿਰ ਸਰਹੰਦ ਤੋਂ ਹੋਰ ਨਹਿਰਾਂ ਕੱਢੀਆਂ ਗਈਆਂ ਸਨ। ਕਿਸਾਨਾਂ ਵਿਚ ਖੁਸ਼ਹਾਲੀ ਤੇ ਇਹ ਇਨ੍ਹਾਂ ਪਾਸੋਂ ਸਾਂਭੀ ਨਾ ਗਈ ਤੇ ਨਸ਼ਿਆਂ ਵਿਚ ਪੈ ਕੇ ਜ਼ਮੀਨਾਂ ਸ਼ਾਹੂਕਾਰਾਂ ਕੋਲ ਗਹਿਣੇ ਪਾਉਣ ਲਗੇ। ਭਲਾ ਹੋਵੇ ਸਰ ਛੋਟੂ ਰਾਮ ਦਾ ਜਿਸ ਨੇ ਇਹ ਜ਼ਮੀਨਾਂ ਮੁੜ ਸ਼ਾਹੂਕਾਰਾਂ ਤੋਂ ਛੁਡਵਾ ਕੇ ਕਿਸਾਨਾਂ ਨੂੰ ਦਿੱਤਿਆਂ । 1947 ਵਿਚ ਦੇਸ਼ ਆਜ਼ਾਦ ਹੋਇਆ ਤੇ 1966 ਵਿਚ ਪੰਜਾਬੀ ਸੂਬਾ ਬਣਿਆ। ‘ਹਰੀ ਕ੍ਰਾਂਤੀ’ ਤੇ ਬਾਹਰਲੇ ਮੁਲਕਾਂ ਵਿਚ ਪੰਜਾਬੀਆਂ ਦੇ ਜਾਣ ਕਰਕੇ ਖੁਸ਼ਹਾਲੀ ਆਈ। ਇਸ ਨਾਲ ਫਿਰ ਪੰਜਾਬੀ ਨਸ਼ਿਆਂ ਵਾਲੇ ਪਾਸੇ ਪੈ ਗਏ। ਜਿਹੜਾ ਸੂਬਾ ਕਦੇ ਭਾਰਤ ਦੇ ਸਭ ਸੂਬਿਆਂ ਤੋਂ ਘੱਟ ਸ਼ਰਾਬ ਪੀਂਦਾ ਸੀ, ਉਹ ਅੱਜ ਨੰਬਰ ਇਕ ਤੇ ਹੈ। ਪੰਜਾਬ ਵਿਚ ਜ਼ਿਲਾ ਲੁਧਿਆਣਾ ਨੰਬਰ ਇਕ ਤੇ ਹੈ। ਨਸ਼ੇ ਦੇ ਇਸ ਦਰਿਆ ਵਿਚ ਰੋਜ਼ ਤਿੰਨ ਜ਼ਿੰਦੜੀਆਂ ਰੁੜ੍ਹ ਜਾਂਦੀਆਂ ਹਨ। ਪਿਛਲੇ ਸਾਲ ਪੰਜਾਬ ਵਿਚ 982 ਮੌਤਾਂ ਨਸ਼ਿਆਂ ਕਰਕੇ ਹੋਇਆਂ ਜਿਨ੍ਹਾਂ ਵਿਚ 41× ਯੂਨੀਵਰਸਿਟੀ-ਕਾਲਜਾਂ ਦੇ ਵਿਦਿਆਰਥੀ ਸਨ। 1966 ਵਿਚ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਸਲਾਨਾ ਆਮਦਨ 1970-71 ਵਿਚ 228 ਕਰੋੜ ਰੁਪਏ, 1990-91 ਵਿਚ 426 ਕਰੋੜ ਅਤੇ 1996-97 ਵਿਚ 1100 ਕਰੋੜ ਰੁਪਏ ਸੀ। 1999 ਵਿਚ (ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮਨਾਈ ਗਈ) 1500 ਕਰੋੜ ਰੁਪਏ ਤੇ ਹੁਣ 1600 ਕਰੋੜ ਰੁਪਏ ਤੋਂ ਵਧ ਗਈ ਹੈ। ਐਕਸਾਈਜ਼ ਡਿਊਟੀ ਤੋਂ ਇਲਾਵਾ ਸ਼ਰਾਬ ਤੇ 22× ਸੇਲਜ਼ ਟੈਕਸ ਲੱਗਦਾ ਹੈ। ਕੋਈ ਸਮਾਂ ਸੀ ਜਦੋਂ ਕੋਈ ਮਹਿਮਾਨ ਆ ਜਾਂਦਾ ਤਾਂ 10-15 ਕਿਲੋਮਿਟਰ ਜਾ ਕੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਿਆਂਦੀ ਜਾਂਦੀ ਸੀ। ਅੱਜ ਹਰ ਪਿੰਡ ਸ਼ਹਿਰ ਵਿਚ ਸ਼ਰਾਬ ਦੇ ਠੇਕਿਆਂ ਦੀ ਸਹੂਲਤ ਹੈ। ਪੰਜਾਬ ਵਿਚ ਓਨੇ ਹਾਈ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਹਨ। ਉਸ ਸੂਬੇ ਦਾ ਕੀ ਬਣੇਗਾ ਜਿੱਥੇ ਸ਼ਰਾਬ ਦੇ ਟੈਕਸ ਤੋਂ ਪੜ੍ਹਾਈ ਦਾ ਖਰਚਾ ਕੱਢਿਆ ਜਾਂਦਾ ਹੈ। ਇਹ ਗੱਲ ਤਾਂ ਠੇਕਿਆਂ ਦੀ ਸ਼ਰਾਬ ਦੀ ਸੀ ਇਸ ਤੋਂ ਇਲਾਵਾ ਠਰ੍ਹਾ ਮਾਰਕਾ ਵੱਖਰੀ ਹੈ। ਪੰਜਾਬ ਵਿਚ ਦੇਸ਼ੀ ਸ਼ਰਾਬ ਦਾ ਕੋਟਾ 10 ਕਰੋੜ ਬੋਤਲ 1995-96 ਵਿਚ ਸੀ ਜੋ ਹੁਣ ਵਧ ਕੇ 12 ਕਰੋੜ ਬੋਤਲ ਹੋ ਗਿਆ ਹੈ। ਕੇਵਲ ਲੁਧਿਆਣਾ ਜ਼ਿਲੇ ਵਿਚ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਇਕ ਕਰੋੜ 23 ਲੱਖ ਹੈ। ਇਥੇ ਦੇ ਠੇਕਿਆਂ ਦੀ ਨਿਲਾਮੀ ਇਕ ਅਰਬ 21 ਕਰੋੜ 52 ਲੱਖ 70 ਹਜ਼ਾਰ ਰੁਪਏ ਵਿਚ ਹੋਈ ਹੈ। ਲੁਧਿਆਣਾ ਦੇ ਬੱਸ ਅੱਡੇ ਵਾਲਾ ਠੇਕਾ ਤਿੰਨ ਕਰੋੜ 80 ਲੱਖ ਰੁਪਏ ਵਿਚ ਸਭ ਤੋਂ ਮਹਿੰਗਾ ਜਾਂਦਾ ਹੈ। ਇਸ ਇੱਕਲੇ ਦੀ ਖਪਤ ਹਰ ਸਾਲ 14.72% ਵਧ ਰਹੀ ਹੈ। ਬਰਤਾਨੀਆ ਦੀ ਇਕ ਨਸ਼ੇ ਛੁਡਾਉਣ ਵਾਲੀ ਸਮਾਜ ਸੇਵੀ ਸੰਸਥਾ ‘ਕਨਸੈਪਟ’ ਦਾ ਸਰਵਖੇ ਹੈ ਕਿ ਕਾਲਜਾਂ, ਯੂਨੀਵਰਸਿਟਆਂ ਵਿਚ ਪੜ੍ਹਨ ਵਾਲਾ ਹਰ ਤੀਜਾ ਮੁੰਡਾ ਤੇ ਹਰ ਸਤਵੀਂ ਕੁੜੀ ਨੇ ਕਿਸੇ ਨ ਕਿਸੇ ਰੂਪ ਵਿਚ ਨਸ਼ੇ ਦਾ ਸਵਾਦ ਚਖਿਆ ਹੈ। ਇਨ੍ਹਾਂ ਵਿਚੋਂ ਕਈ ਤਾਂ ਨਸ਼ੇ ਦੇ ਦਰਿਆ ਵਿਚ ਡੁਬਕੀਆ ਲਾਉਂਦੇ ਹਨ ਸਕੂਲਾਂ ਦੇ 20% ਵਿਦਿਆਰਥੀ ਨਸ਼ੇ ਕਰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਿਛਲੇ ਸਾਲ ਇਕ ਸਰਵੇਖਣ ਕਰਵਾਇਆ ਹੈ ਜਿਸ ਅਨੁਸਾਰ 20× ਨੌਜਵਾਨ ਨਸ਼ਿਆਂ ਦੇ ਕੈਪਸੂਲ ਖਾਂਦੇ ਹਨ ਜਦੋਂ 5.17% ਸਮੈਕ, 2.17% ਅਫੀਮ, 12.67% ਭੁੱਕੀ ਛਕਦੇ ਹਨ। 44% ਦੇ ਕਰੀਬ ਨੌਜਵਾਨ ਇਕ ਜਾਂ ਇਕ ਤੋਂ ਵੱਧ ਨਸ਼ੇ ਕਰਦੇ ਹਨ। ਵਿਦਿਆਰਥੀਆਂ ਵਿਚ ਸਕੂਲੀ ਬੱਚਿਆਂ ਬਾਰੇ ਸਭ ਤੋਂ ਵੱਡਾ ਸਰਵੇਖਣ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਹੋਇਆ ਹੈ। ਇਸ ਨੇ ਐਲੀਮੈਂਟਰੀ ਪੱਧਰ (ਭਾਵ ਤੀਜੀ ਤੋਂ ਅੱਠਵੀਂ ਜਮਾਤ) ਦੇ ਬੱਚਿਆਂ ਵਿਚ ਤੰਬਾਕੂ ਦੇ ਰੁਝਾਨ ਬਾਰੇ ਅੰਕੜੇ ਇੱਕਠੇ ਕੀਤੇ ਹਨ ਕਿ 44% ਬੱਚੇ ਤੰਬਾਕੂ ਤੇ ਬੀੜੀ ਪੀਂਦੇ ਹਨ। ਚੋਰੀ-ਛੁਪੇ 3% ਬੱਚੇ ਸ਼ਰਾਬ ਪੀਂਦੇ ਹਨ। ਇਸ ਸੰਸਥਾ ਨੇ ਮੁਹਾਲੀ ਜ਼ਿਲ੍ਹੇ ਦੇ ਲਾਂਡਰਾ ਕਸਬੇ ਤੋਂ ਸਰਵੇਖਣ ਸ਼ੁਰੂ ਕਰਕੇ ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ, ਰੋਪੜ ਆਦਿ 6 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ। ਅੰਕੜੇ ਕਹਿੰਦੇ ਹਨ ਕਿ 40% ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਦਾ ਪਤਾ ਹੋਣ ਤੇ ਵੀ ਛੱਡਣ ਨੂੰ ਤਿਆਰ ਨਹੀਂ। 10% ਸਿਗਰਟ 15% ਬੀੜੀ, 25% ਗੁਟਕਾ ਤੇ 50% ਬੱਚੇ ਜਰਦਾ ਖਾਂਦੇ ਹਨ। ਖੇਤਰੀ ਸਰਵੇਖਣ ਮੁਤਾਬਕ ਦੁਆਬੇ ਵਿਚ 68% ਮਾਝੇ ਵਿਚ 64% ਤੇ ਮਾਲਵੇ ਵਿਚ 61% ਲੋਕ ਨਸ਼ੇ ਕਰਦੇ ਹਨ ਜਿਸ ਵਿਚ 76.47% ਸ਼ਰਾਬ ਪੀਣ ਵਾਲੇ, 68.5% ਟੀਕੇ ਲਾਉਂਦੇ ਤੇ 4.84% ਚਰਸ/ਸਮੈਕ ਦੀ ਲਪੇਟ ਵਿਚ ਹਨ। ਵਰਗ ਵੰਡ ਅਨੁਸਾਰ ਜਨਰੇਸ਼ਨ ਸੇਵੀਅਰ ਸੰਸਥਾ ਦਾ ਸਰਵੇਖਣ ਕਹਿੰਦਾ ਹੈ ਕਿ 27% ਅਨਪੜ੍ਹ 23% ਪੜ੍ਹੇ ਲਿਖੇ, 17% ਮਜ਼ਦੂਰ 7.05% ਕਿਸਾਨ, 5% ਵਪਾਰੀ, 3.5% ਅਧਿਆਪਕ 5% ਨੌਕਰੀਪੇਸ਼ਾ ਤੇ ਸਭ ਤੋਂ ਵੱਧ 45% ਬੇਰੁਜ਼ਗਾਰ ਲੋਕ ਨਸ਼ਿਆਂ ਤੇ ਆਦੀ ਹਨ। ਪੰਜਾਬੀ ਜਿਨ੍ਹਾਂ ਦੀ ਦੁਨੀਆਂ ਵਿਚ ਸ਼ਾਨ ਵੱਖਰੀ ਹੈ ਤੇ ਟੋਹਰ ਨਿਆਰੀ ਹੈ, ਹਰ ਰੋਜ਼ 8 ਕਰੋੜ ਰੁਪਏ ਦੀ ਸ਼ਰਾਬ ਪੀ ਜਾਂਦੇ ਹਨ। ਸਾਲ 1997-98 ਵਿਚ ਪੰਜਾਬੀਆਂ ਨੇ 11.50 ਅਰਬ ਰੁਪਏ ਦੀ ਸ਼ਰਾਬ ਪੀਤੀ, 2000-01 ਵਿਚ 13.25 ਅਰਬ ਦੀ ਤੇ 2005-06 ਵਿਚ 16 ਅਰਬ ਰੁਪਏ ਦੀ ਸ਼ਰਾਬ ਪੀ ਗਏ। ਇਸ ਤੋਂ ਇਲਾਵਾ ਅਫੀਮ, ਭੁੱਕੀ, ਜਰਦਾ, ਤੰਬਾਕੂ, ਡੋਡੇ, ਸੁੱਖਾ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਗਾਂਜਾ, ਚਰਸ, ਹੈਰੋਇਨ ਤੇ ਸਮੈਕ ਵਰਗੇ ਨਸ਼ੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਤੇ ਪਸਰੇ ਹੋਏ ਹਨ। ਕਾਲਜਾਂ ਦੇ ਮੁੰਡੇ ਬੈਨਾਡਰਿਲ ਫੈਂਸੀਡਰਿਲ, (ਖੰਘ ਦੀ ਦਵਾਈ) ਇਕ ਰਿਮੂਵਰ, ਆਇਓਡੈਕਸ, ਜਰਾਬਾਂ ਦਾ ਧੋਣ, ਕਿਰਲੀਆਂ ਤੇ ਹੋਰ ਪਤਾ ਨਹੀਂ ਕੀ-ਕੀ ਗੰਦ ਬਲਾਅ ਤੇ ਜ਼ਹਿਰ ਖਾਈ ਜਾ ਰਹੇ ਹਨ। ਜਿਸ ਨਵੀਨ ਨਸ਼ੀਲੇ ਪਦਾਰਥ ਹੱਥੋਂ ਅਜੋਕੀ ਨੌਜਵਾਨ ਪੀੜ੍ਹੀ ਦਾ ਘਾਣ ਹੋ ਰਿਹਾ ਹੈ। ਉਸ ਵਿਚ ਹੈਰੋਇਨ ਪ੍ਰਮੁੱਖ ਹੈ ਤੇ ਸਮੈਕ ਜਿਸ ਦਾ ਮਿਲਾਵਟੀ ਜਾਂ ਅਸ਼ੁੱਧ ਰੂਪ ਹੈ। ਇਹ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੀ ਹੈ ਜਿਸ ਦਾ ਅਫਗਾਨਿਸਤਾਨ ਵਿਚ ਮੁੱਲ ਪ੍ਰਤੀ ਕਿਲੋ ਇਕ ਲੱਖ ਰੁਪਏ ਹਨ, ਪੰਜਾਬ ਪਹੁੰਚ ਕੇ 5 ਲੱਖ ਦੀ ਤੇ ਇਥੋਂ ਮੁੰਬਈ ਪਹੁੰਚ ਕੇ 15 ਲੱਖ ਦੀ ਅਤੇ ਅਮਰੀਕਾ ਪਹੁੰਚ ਕੇ ਇਕ ਕਰੋੜ ਰੁਪਏ ਪ੍ਰਤੀ ਕਿਲੋ ਹੋ ਜਾਂਦਾ ਹੈ। ਪੰਜਾਬ ਵਿਚ ਇਸ ਵੇਲੇ ਹੈਰੋਇਨ ਦੀ ਅੰਤਰਾਸ਼ਟਰੀ ਮੰਡੀ ਹੈ। ਪਹਿਲਾਂ ਪੰਜਾਬੀਆਂ ਰਾਹੀਂ ਅੰਤਰਾਸ਼ਟਰੀ ਗਰੋਹ ਵਪਾਰ ਕਰਦੇ ਸਨ, ਹੁਣ ਪੰਜਾਬੀ ਵਰਤਣ ਲੱਗ ਪਏ ਹਨ। ਇਕਲੀ ਸਮੈਕ ਹੀ 200 ਤੋਂ 300 ਰੁਪਏ ਪ੍ਰਤੀ ਗ੍ਰਾਮ ਵਿਕਦੀ ਹੈ। ਸੂਟਕੇਸਾਂ, ਕਾਰਾਂ, ਟਰੱਕਾਂ ਦੀਆਂ ਖੋਖਲੀਆਂ ਬਾਵਾਂ ਤੋਂ ਇੰਜਣਾ ਵਿਚ, ਖਿਡੋਣਿਆਂ, ਟਾਇਰਾਂ-ਟਿਊਬਾਂ ਤੇ ਮਸ਼ੀਨਰੀ ਵਿਚ ਛੁਪਾ ਕੇ ਇਹ ਧੰਦਾ ਹੁੰਦਾ ਹੈ। ਅੰਗਰੇਜ਼ੀ ਟ੍ਰਿਬਿਊਨ ਦੀ ਇਕ ਖ਼ਬਰ ਸੀ ਕਿ ਇਕ ਔਰਤ ਇਕ ਜਵਾਨ ਲੜਕੀ ਦੀ ਲਾਸ਼ ਨਾਲ ਸੰਯੁਕਤ ਰਾਸ਼ਟਰ ਅਮੀਰਾਤ ਪਹੁੰਚਣ ਤੇ ਗ੍ਰਿਫਤਾਰ ਕੀਤੀ ਗਈ ਜਿਸ ਨੇ ਲਾਸ਼ ਵਿਚ ਹੈਰੋਇਨ ਛੁਪਾਈ ਹੋਈ ਸੀ ਤੇ ਇਸੇ ਉਦੇਸ਼ ਹਿੱਤ ਉਸ ਨੇ ਲੜਕੀ ਦੀ ਹੱਤਿਆ ਕੀਤੀ ਸੀ। ਪਿਛਲੇ ਸਾਲ ਇਹ ਵੀ ਖਬਰ ਸੀ ਕਿ ਪੰਜਾਬ ਦੀ ਧਾਰਮਿਕ ਸਾਹਿਤ ਵੇਚਣ ਵਾਲੀ ਇਕ ਫਰਮ ਪੁਸਤਕਾਂ ਦੇ ਪੈਕਟਾਂ ਰਾਹੀਂ ਹੈਰੋਇਨ ਵਿਦੇਸ਼ ਭੇਜਦੀ ਫੜੀ ਗਈ। ਨਸ਼ੇ ਮਨੁੱਖ ਨੂੰ ਸ਼ਰੀਰਕ, ਮਾਨਸਿਕ ਤੇ ਆਤਮਿਕ ਤੌਰ ਤੇ ਕਮਜ਼ੋਰ ਕਰਦੇ ਹਨ। ਦੁਨਿਆਵੀ ਨਸ਼ੇ ਕੁਝ ਘੰਟਿਆਂ ਤਕ ਸਰੂਰ ਦਿੰਦੇ ਹਨ ਪਰ ਨਾਮ ਦਾ ਨਸ਼ਾ ਦਿਨ-ਰਾਤ ਨਿਰੰਤਰ ਸਰੂਰ ਦਿੰਦਾ ਹੈ, ਜਿਸ ਨੂੰ ਜਨਮ ਸਾਖੀਆਂ ਵਿਚ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਕਿਹਾ ਹੈ। ਸ਼ਰਾਬ ਪੀਣ ਨਾਲ ਮਨੁੱਖ ਆਤਮਿਕ ਪੱਖੋਂ ਗਰੀਬ ਤੇ ਮਾਨਸਿਕ ਪੱਖੋਂ ਦੀਵਾਲੀਆਂ ਹੋ ਜਾਂਦਾ ਹੈ। ਉਹ ਸਰੀਰਕ ਤੌਰ ਤੇ ਨਕਾਰਾ ਹੋ ਜਾਂਦਾ ਹੈ, ਕੰਮ-ਧੰਦਾ ਕਰ ਨਹੀਂ ਸਕਦਾ, ਪੈਸਾ ਟਕਾ ਬਰਬਾਦ ਕਰ ਲੈਂਦਾ ਹੈ। ਹਰ ਪਾਸਿਓ ਧੱਕੇ ਪੈਂਦੇ ਹਨ ਅਤੇ ਅੰਤ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਅਜੋਕੇ ਸਮੇਂ ਵਿਚ ਜਿੱਥੇ ਸ਼ਰਾਬ ਨੂੰ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ਸਮੇਂ ਭੋਜਨ ਦਾ ਅੰਗ ਬਣਾ ਕੇ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ‘ਸੋਸ਼ਲ ਡ੍ਰਿੰਕਿੰਗ’ ਦਾ ਨਾਂ ਦੇ ਦਿੱਤਾ ਗਿਆ ਹੈ, ਉਥੇ ਖਾਂਦੇ-ਪੀਂਦੇ ਪਰਿਵਾਰਾਂ ਲਈ ਇਹ ‘ਸਟੇਟਸ ਸਿੰਬਲ’ ਬਣ ਗਿਆ ਹੈ। ਅਜੋਕੇ ਸੰਦਰਭ ਵਿਚ ਪੰਜਾਬ ਦੇ ਨੌਜਵਾਨਾਂ ਵਿਚ ਨਸ਼ਿਆਂ ਦਾ ਜੋ ਰੁਝਾਨ ਵਧਿਆ ਹੈ, ਉਸ ਨੂੰ ਫੌਰੀ ਠੱਲ੍ਹ ਪਾਉਣ ਦੀ ਲੋੜ ਹੈ। ਜੋ ਕਰੋੜਾਂ-ਅਰਬਾਂ ਰੁਪਏ ਪੰਜਾਬ ਨਸ਼ਿਆਂ ਦੇ ਮੂੰਹ ਫੂਕ ਰਹੇ ਹਨ ਜੇਕਰ ਓਹੀ ਪੜ੍ਹਾਈ ਤੇ ਸਿੱਖਿਆ ਸੰਸਥਾਵਾਂ ਉਪਰ ਖਰਚੇ ਜਾਣ ਤਾਂ ਵਿਸ਼ਵੀਕਰਨ ਦੇ ਇਸ ਦੌਰ ਵਿਚ ਪੰਜਾਬ ਮੋਹਰੀ ਸੂਬਾ ਬਣ ਜਾਵੇਗੀ ਅਤੇ ਇਸ ਪ੍ਰਾਪਤੀ ਦਾ ਜੋ ਸਰੂਰ ਹੋਵੇਗਾ ਉਹ ਸਭ ਨਸ਼ਿਆਂ ਤੋਂ ਉਪਰ ਹੋਵੇਗਾ। |